RSS

AdvertisementAdvertisement
ਪੰਜਾਬੀ ਲੜਾਕੇ ਸਿੱਧ ਕਰਨ 'ਚ ਜੁਟੇ ਪੰਜਾਬੀ ਗਾਇਕ PRINT ਈ ਮੇਲ
Friday, 05 February 2010

ਕਬਜ਼ਾ ਲੈਣਾ ਹੈ... ਇਸ ਲਈ ਚੱਕ ਲਓ ਰਿਵਾਲਵਰ ਰਫਲਾਂ, ਪਰ ਜੇ ਏਨੇ ਨਾਲ ਵੀ ਗੱਲ ਨਾ ਬਣੇ ਤਾਂ ਚੀਖ ਚੀਖ ਕੇ ਲੋਕਾਂ ਨੂੰ ਦੱਸ ਦੇਵੋ ਕਿ ਵਿਚ ਪਜੈਰੋ ਦੇ ਰੱਖ ਲੀ ਦੇਸੀ ਗੰਨ, ਸਾਰੀਆਂ ਗੱਡੀਆਂ ਰਾਹ ਛੱਡ ਕੇ ਹਟ ਜਾਣਗੀਆਂ। ਸ਼ਿਕਾਰ 'ਤੇ ਜਾਣ ਦੇ ਦਿਨ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਹਨ। ਪਰ ਦੁਨੀਆ ਨੂੰ ਦੱਸਣਾ ਜ਼ਰੂਰੀ ਹੈ ਕਿ - ਹੋਇਆ ਕੀ ਜੇ ਕਰਨੇ ਸ਼ਿਕਾਰ ਛੱਡ ਤੇ ਅਜੇ ਰਫਲਾਂ ਚਲਾਉਣੀਆਂ ਨੀ ਜੱਟ ਭੁੱਲਿਆ...। ਇਹ ਦੌਰ ਪੰਜਾਬ ਦੇ ਗਾਇਕੀ ਕਲਚਰ ਵਿਚ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪਰ ਗਹੁ ਨਾਲ ਵਾਚਿਆਂ ਸਮਝ ਪੈਂਦੀ ਹੈ ਕਿ ਜਿਸ ਕੌਮ ਨੂੰ ਯੋਧਿਆਂ ਦੀ ਕੌਮ, ਜੁਝਾਰੂਆਂ ਦੀ ਕੌਮ ਕਿਹਾ ਜਾਂਦਾ ਹੈ ਉਸੇ ਕੌਮ ਦਾ ਇਹ ਪੰਜਾਬੀ ਕਲਚਰ ਮੌਜੂਦਾ ਦੌਰ 'ਚੋਂ ਲੰਘਦਿਆਂ ਪੰਜਾਬੀਆਂ ਦੀ ਦਿੱਖ ਯੋਧਿਆਂ ਦੇ ਜੁਝਾਰੂਆਂ ਵਾਲੀ ਦੀ ਥਾਂ ਲੜਾਕਿਆਂ-ਝਗੜਾਲੂਆਂ ਵਾਲੀ ਬਣਾਉਣ ਵਿਚ ਰੁੱਝਿਆ ਹੋਇਆ ਹੈ। ਪੰਜਾਬੀ ਸੰਗੀਤ ਵਿਚ ਬੇਸ਼ੱਕ ਅਜੇ ਵੀ ਪੰਜਾਬੀ ਕਲਚਰ ਨੂੰ ਪੇਸ਼ ਕਰਨ ਵਾਲੇ ਅਤੇ ਸੂਫੀਆਨਾ ਰੰਗ ਨੂੰ ਕਾਇਮ ਰੱਖਣ ਵਾਲੀਆਂ ਸ਼ਖ਼ਸੀਅਤਾਂ ਜਿਊਂਦੀਆਂ ਹਨ ਪਰ ਪੰਜਾਬੀ ਸੰਗੀਤ ਨੂੰ ਜਿਹੜਾ ਨਵਾਂ ਰੰਗ ਰਫਲਾਂ ਰਿਵਾਲਵਰਾਂ ਵਾਲਾ ਚੜ੍ਹਿਆ ਹੈ, ਉਸ ਤੋਂ ਬਚਣ ਦੀ ਲੋੜ ਹੈ। ਪੰਜਾਬੀ ਸੰਗੀਤ ਦੇ

ਇਸ ਮਰਨ ਮਰਾਉਣ ਵਾਲੇ ਰੰਗ ਨੂੰ ਪੇਸ਼ ਕਰਦੀ ਹੈ ਸਾਡੀ ਇਹ ਖਾਸ ਰਿਪੋਰਟ।    

ਜੇ ਹੁੰਦੀ ਮਿਰਜ਼ੇ ਕੋਲ ਦੁਨਾਲੀ... ਤੇ, ਮਜ਼ਾਲ ਹੈ ਕਿ ਸਹਿਬਾਂ ਦੇ ਭਾਈ ਉਸ ਨੂੰ ਹੱਥ ਵੀ ਲਗਾ ਪਾਉਂਦੇ... ਗੋਲੀ ਚੱਲਦੀ ਠਾਹ ਠਾਹ ਠਾਹ। ਮਾਮਲਾ ਦੋ ਮਿੰਟਾਂ ਵਿਚ ਪਾਰ ਹੋ ਗਿਆ ਹੁੰਦਾ। ਤਾਂ ਪਹਿਲੀ ਗਲਤੀ ਇਹ ਸੀ ਕਿ ਉਸ ਨੇ ਮੋਢੇ 'ਤੇ ਦੋਨਾਲੀ ਨਹੀਂ ਟੰਗੀ, ਦੂਜੀ ਇਹ ਕਿ ਉਸ ਨੇ ਜੋਸ਼, ਇਗਰੈਸ਼ਨ ਅਤੇ ਗੰਨ ਦੀ ਮਹਿਮਾ ਤੋਂ ਭਰਪੂਰ ਪੰਜਾਬੀ ਗਾਣਿਆਂ ਨੂੰ ਨਹੀਂ ਸੁਣਿਆ ਹੋਵੇਗਾ, ਜੇਕਰ ਸੁਣ ਲੈਂਦਾ ਤਾਂ ਉਸ ਦਾ ਬੇੜਾ ਪਾਰ ਹੀ ਹੋ ਗਿਆ ਹੁੰਦਾ। ਖੈਰ ਮਿਰਜ਼ੇ ਦਾ ਜ਼ਮਾਨਾ ਗੁਜ਼ਰ ਗਿਆ। ਹੁਣ ਰੈਪਸ ਤੋਂ ਲੈ ਕੇ ਇੰਡੀਪੌਪ ਤੱਕ ਦੇ ਦੀਵਾਨੇ, ਅੱਖਾਂ 'ਤੇ ਕਾਲਾ ਚਸ਼ਮਾ ਚੜ੍ਹਾਈ ਅਤੇ ਵਾਲਾਂ ਨੂੰ ਖਾਸ ਅੰਦਾਜ਼ ਵਿਚ ਖੜ੍ਹਾ ਕਰਕੇ ਅਜਿਹੇ ਸ਼ਬਦਾਂ ਨੂੰ ਜਨਮ ਦੇ ਰਹੇ ਹਨ, ਜੋ ਪੂਰੀ ਤਰ੍ਹਾਂ ਹਕੀਕਤ ਤੋਂ ਪਰ੍ਹੇ ਹੈ। ਊਂ ਵੀ ਗਲਾਸੀ, ਗੱਡੇ ਤੇ ਗੰਨ ਨੂੰ ਆਪਣੀ ਪਹਿਚਾਣ ਬਣਾਉਣ ਵਾਲੇ ਕਹਿੰਦੇ ਹਨ ਕਿ ਪੰਜਾਬੀਆਂ ਸ਼ਾਨ ਵੱਖਰੀ। ਇਸੇ ਨਾਤੇ ਵੱਖਰਾ ਯਨੀ ਕਿ ਦੁਨੀਆ ਤੋਂ ਅਲੱਗ ਹੈ, ਪੰਜਾਬੀ ਗਾਇਕੀ ਦਾ ਕਲਚਰ। ਵੈਸੇ ਤਾਂ ਕੰਮ ਗੰਡਾਸੀ ਨਾਲ ਵੀ ਚੱਲ ਜਾਂਦਾ ਹੈ, ਪਰ 12 ਜਾਂ 35 ਬੋਰ ਦੀ ਰਫਲ ਮੋਢੇ 'ਤੇ ਟੰਗੀ ਹੋਵੇ ਤਾਂ ਫਿਰ ਸਾਹਮਣੇ ਵਾਲੇ ਨੂੰ ਆਪਣੇ ਅੰਜਾਮ ਦੇ ਬਾਰੇ ਵਿਚ ਸੋਚਣਾ ਹੀ ਪੈਂਦਾ ਹੈ। ਅਸਲ ਵਿਚ ਮਾਮਲਾ ਰੁਤਬੇ ਅਤੇ ਰੋਅਬ ਦਾ ਹੈ। ਬਿੰਦਰਖੀਏ ਦਾ ਮਸ਼ਹੂਰ ਗੀਤ ਤੁਹਾਨੂੰ ਯਾਦ ਹੀ ਹੋਵੇਗਾ.... ਜੀਹਦੇ ਹੇਠ ਘੋੜਾ, ਮੋਢੇ 'ਤੇ ਦੁਨਾਲੀ ਨੀ ਪੱਗ ਬੰਨ੍ਹਦਾ ਜਿਊਣੇ ਮੌੜ ਵਾਲੀ ਨੀ, ਅਜਿਹੇ ਗੱਭਰੂ ਦਾ ਇਹ ਦਾਅਵਾ ਹੈ ਕਿ ਡੀ ਸੀ ਵੀ ਸਲੂਟ ਉਹਨੂੰ ਮਾਰਦਾ, ਪੈਰਾਂ 'ਚ ਠਾਣੇਦਾਰ ਰੋਲਤਾ। ਕਿਵੇਂ ਪੰਜਾਬ ਦੀ ਜਵਾਨੀ ਵਿਚ ਜੋਸ਼ ਭਰ ਦਿੰਦਾ ਸੀ। ਉਸੀ ਰਵਾਇਤ ਨਾਲ ਜੁੜੇ ਗੰਭੀਰ ਅਤੇ ਉਦਾਸ ਗਾਣਿਆਂ ਦੀ ਪੈਰਵੀ ਕਰਨ ਵਾਲੇ ਬੱਬੂ ਮਾਨ ਦਾ ਵਿਵਾਦਤ ਗੀਤ 'ਚੱਕ ਲਓ ਰਿਵਾਲਵਰ ਰਫਲਾਂ' ਇਹ ਗੀਤ ਆਪਣੇ ਸਾਥੀਆਂ ਨੂੰ ਹਾਕ ਮਾਰ ਕੇ ਇਕੱਠੇ ਕਰਨ ਵਾਲਾ ਹੈ, ਜੋ ਹਥਿਆਰਬੰਦ ਹਨ ਅਤੇ ਉਸ ਜ਼ਮੀਨ ਦਾ ਕਬਜ਼ਾ ਤੁਰੰਤ ਛੁਡਾਉਣ ਦਾ ਦਮ ਰੱਖਦੇ ਸਨ। ਜਿਸ 'ਤੇ ਦੁਸ਼ਮਣ ਆਪਣਾ ਹੱਕ ਜਮ੍ਹਾ ਰਿਹਾ ਹੈ। ਗੀਤ ਖਾਸਾ ਹਿੱਟ ਹੋਇਆ ਅਤੇ ਅੱਜ ਤੱਕ ਇਸ ਨੂੰ ਸੁਣਨ ਵਾਲਿਆਂ ਦੀ ਕਮੀ ਨਹੀਂ ਹੈ। ਇਨ੍ਹਾਂ ਗੀਤਾਂ ਨੂੰ ਇਕ ਵਾਰ ਤਾਂ ਸੁਣਨ ਨਾਲ ਹਿੰਸਕ ਦਿੱਖ ਉਭਰ ਕੇ ਸਾਹਮਣੇ ਆਉਂਦੀ ਹੈ, ਪਰ ਦੂਜਾ ਪਹਿਲੂ ਵਾਚਿਆਂ ਇਹ ਸਮਝ ਆਉਂਦਾ ਹੈ ਕਿ ਪੰਜਾਬ ਦਾ ਵਿਰਸਾ ਜੋਸ਼ੀਲਾ, ਯੋਧਿਆਂ ਵਾਲਾ ਅਤੇ ਮੁਕਾਬਲਿਆਂ ਦੀਆਂ ਕਿੰਨੀਆਂ ਹੀ ਮਿਸਾਲਾਂ ਨਾਲ ਭਰਿਆ ਹੋਇਆ ਹੈ। ਸੈਂਕੜੇ ਵਰ੍ਹੇ ਹਮਲਾਵਰ ਇਸ ਪੰਜਾਬ ਦਾ ਪਾਣੀ ਪੀ ਕੇ ਯੁੱਧ ਕਰਨ ਲਈ ਅੱਗੇ ਵਧਦੇ ਰਹੇ ਹਨ। ਇਸ ਧਰਤੀ ਦੇ ਲੋਕਾਂ ਨੇ ਆਪਣੀ ਹਿਫਾਜ਼ਤ ਲਈ ਚੁੱਕੇ ਹਥਿਆਰ ਕਦੋਂ ਉਹਨਾਂ ਦੀਆਂ ਆਦਤਾਂ ਅਤੇ ਸ਼ੌਕ ਦਾ ਹਿੱਸਾ ਬਣ ਗਏ ਪਤਾ ਹੀ ਨਹੀਂ ਲੱਗਾ ਤੇ ਇਸੇ ਲਈ ਦੁਨੀਆ ਭਰ ਵਿਚ ਪੰਜਾਬੀ ਜਿੱਥੇ ਯੋਧਿਆਂ ਦੇ ਰੂਪ ਵਿਚ ਜਾਣੇ ਜਾਂਦੇ ਹਨ, ਉੱਥੇ ਕਿਤੇ ਨਾ ਕਿਤੇ ਇਨ੍ਹਾਂ ਦੀ ਦਿੱਖ ਲੜਾਕੂਆਂ ਵਾਲੀ ਵੀ ਬਣੀ ਹੈ।
ਜ਼ਮਾਨਾ ਬਦਲ ਗਿਆ, ਦੇਸ਼ ਆਜ਼ਾਦ ਹੋਇਆ, ਵੰਡ ਹੋਈ, ਪੰਜਾਬੀ ਵੀ ਵੰਡੇ ਗਏ ਪਰ ਆਪਣਾ ਰੋਅਬਦਾਰ ਅਤੇ ਰਸੂਖ ਦਿਖਾਉਣ ਵਾਲੀ ਮੋਢੇ 'ਤੇ ਰੱਖੀ ਬੰਦੂਕ ਦੀ ਆਦਤ ਨਾ ਬਦਲੀ। ਇੱਥੋਂ ਤੱਕ ਕਿ ਗਰੀਨ ਰੈਵੂਲੂਸ਼ਨ ਦੀ ਹਰਿਆਲੀ ਤੋਂ ਬਾਅਦ ਵੀ ਜਦ ਅੱਤਵਾਦ ਦਾ ਬਲੈਕਆਊਟ ਹੋਇਆ ਤਾਂ ਵੀ ਹਥਿਆਰ ਹੀ ਸਭ ਤੋਂ ਜ਼ਿਆਦਾ ਬੋਲੇ। ਗੱਲਾਂ ਗੋਲੀ ਦੀ ਜ਼ੁਬਾਨ ਨਾਲ ਹੋਣ ਲੱਗੀਆਂ। ਰੱਬ ਦੀ ਕ੍ਰਿਪਾ ਨਾਲ ਹੁਣ ਉਹ ਬੁਰਾ ਦੌਰ ਤਾਂ ਬੀਤ ਚੁੱਕਾ ਹੈ, ਪਰ ਪੰਜਾਬੀ ਗੀਤਾਂ ਵਿਚੋਂ ਇਹ ਹਮਲਾਵਰ ਰੁਖ਼ ਅਜੇ ਵੀ ਜਾਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਇਸ ਦੌਰ ਵਿਚ ਸੂਫੀਆਨਾ ਅਤੇ ਲੋਕ ਵਿਰਸੇ ਨਾਲ ਜੁੜਿਆ ਪੰਜਾਬੀ ਸੰਗੀਤ ਵੀ ਦੁਨੀਆ ਭਰ ਵਿਚ ਆਪਣਾ ਨਾਮ ਅਤੇ ਸ਼ਾਨ ਕਾਇਮ ਰੱਖੀ ਬੈਠਾ ਹੈ, ਪਰ ਬੱਬੂ ਮਾਨ ਤੋਂ ਲੈ ਕੇ ਜੈਜੀ ਬੀ, ਮੀਕਾ ਅਤੇ ਹੁਣ ਦਲਜੀਤ ਦੁਸਾਂਝ ਦੇ ਗੀਤਾਂ ਦੇ ਬੋਲ ਅਤੇ ਵੀਡੀਓ ਪੂਰੀ ਤਰ੍ਹਾਂ ਨਾਲ ਗੰਨ ਦੇ ਗੁਣਗਾਨ ਕਰਦੇ ਦਿਖਾਈ ਦਿੰਦੇ ਹਨ। ਇਹ ਗੀਤ ਜੁਝਾਰੂ ਹੋਣ ਦਾ ਜਾਂ ਲੋਕਾਂ ਵਿਚ ਤਾਕਤ ਦਾ ਜਜ਼ਬਾ ਜਗਾਉਣ ਲਈ ਨਹੀਂ ਬਲਕਿ ਛੋਟੇ ਛੋਟੇ ਕਾਰਨਾਂ ਦੇ ਲਈ ਐਵੇਂ ਮਰਨ ਮਰਾਉਣ ਦੀਆਂ ਕਹਾਣੀਆਂ ਸੁਣਾ ਰਹੇ ਹਨ ਕਿਤੇ ਜ਼ਮੀਨ ਦੇ ਟੁਕੜੇ ਦੇ ਲਈ ਮਰਨ ਮਾਰਨ 'ਤੇ ਉਤਾਰੂ ਹੋਏ ਗਵਾਂਢੀਆਂ ਨੂੰ ਜਾਂ ਕਦੀ ਕਦੀ ਇਕ ਹੀ ਖਾਨਦਾਨ ਦੇ ਲੋਕਾਂ ਦੀ ਗੱਲ ਕਰਦੇ ਹਨ ਤਾਂ ਕਦੀ ਆਪਣੀ ਤਾਕਤ ਦਾ ਲੋਹਾ ਮਨਵਾਉਣ ਲਈ ਗਾਇਆ ਜਾ ਰਿਹਾ ਹੈ... ਕਿਹੜਾ ਜੰਮ ਪਿਆ ਸੂਰਮਾ।  ਹਾਲਾਤ ਇਹ ਹਨ ਕਿ ਘਰਾਂ ਵਿਚ ਬੱਚੇ ਅਜਿਹੇ ਪੰਜਾਬੀ ਗੀਤਾਂ ਨੂੰ ਸੁਣ ਕੇ ਕਦੀ ਮੀਕਾ ਨੂੰ ਤੇ ਕਦੀ ਦਲਜੀਤ ਦੁਸਾਂਝ ਦੀ ਨਕਲ ਕਰਦੇ ਹਨ ਤੇ ਪੰਜਾਬੀ ਨੌਜਵਾਨ ਇਨ੍ਹਾਂ ਗੀਤਾਂ ਤੋਂ ਪ੍ਰੇਰਨਾ ਲੈ ਕੇ ਐਵੇਂ ਪੰਗੇ ਸਹੇੜ ਲੈਂਦੇ ਹਨ। ਸਿਲਸਿਲਾ ਕਦ ਤੱਕ ਚੱਲੇਗਾ, ਖੁਦ ਕਲਾਕਾਰਾਂ ਕੋਲ ਵੀ ਇਸ ਦਾ ਕੋਈ ਜਵਾਬ ਨਹੀਂ। ਉਹਨਾਂ ਦਾ ਕਹਿਣਾ ਸਾਫ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਬੜਾਵਾ ਦੇਣ ਲਈ ਨਹੀਂ ਬਲਕਿ ਮਨੋਰੰਜਨ ਲਈ ਇਸ ਤਰ੍ਹਾਂ ਦੇ ਸੰਗੀਤ ਰਚਦੇ ਹਾਂ। ਕਿਤੇ ਇੱਜ਼ਤ ਦੇ ਨਾਂ 'ਤੇ ਕਿਤੇ ਆਪਣੀ ਰੱਖਿਆ ਲਈ ਕਿਤੇ ਹੱਕ ਜਮਾਉਣ ਲਈ ਤੇ ਕਿਤੇ ਹੱਕ ਛੁਡਾਉਣ ਲਈ ਇਸਤੇਮਾਲ ਹੋਣ ਵਾਲੇ ਹਥਿਆਰਾਂ ਦੀਆਂ ਕਹਾਣੀਆਂ ਇਨ੍ਹਾਂ ਗੀਤਾਂ ਦੀ ਸ਼ਬਦਵਾਲੀ ਕਿਉਂ ਬਣ ਰਹੀਆਂ ਹਨ? ਅੱਜ ਜ਼ਰੂਰਤ ਅਜਿਹੀ ਸੋਚ ਦੀ ਦਿਸ ਰਹੀ ਹੈ ਜਿੱਥੇ ਗਾਇਕ ਅਤੇ ਗੀਤਕਾਰ ਆਪਣੀ ਪਸੰਦ ਦੀ ਸੂਈ ਨੂੰ ਜ਼ਰਾ ਜਿੰਨਾ ਘੁੰਮਾ ਕੇ ਚੋਣ ਕਰਨ। ਪੰਜਾਬੀਆਂ ਦਾ ਨਾਂ ਹਮੇਸ਼ਾ ਤੋਂ ਬੋਲਦਾ ਸੀ ਅਤੇ ਅੱਗੇ ਵੀ ਬੋਲਦਾ ਰਹੇਗਾ। ਬਸ ਇਰਾਦਾ ਏਨਾ ਹੋਵੇ ਕਿ ਪੰਜਾਬੀਆਂ ਦੀ ਦਿੱਖ ਝਗੜਾਲੂਆਂ ਦੀ ਨਹੀਂ ਜੁਝਾਰੂਆਂ ਦੀ ਹੀ ਕਾਇਮ ਰਹੇ।


ਮਾਤ ਭਾਸ਼ਾ ਨੂੰ ਖੂੰਜੇ ਲਾਉਣ 'ਚ ਮੋਹਰੀ ਬਣੇ ਪੰਜਾਬੀ ਗਾਇਕ
ਜਗਤਾਰ ਸਿੰਘ ਹਿੱਸੋਵਾਲ
ਵਿਸ਼ਵੀਕਰਨ ਦੀ ਅਜੋਕੀ ਪ੍ਰਕਿਰਿਆ ਨੇ ਜ਼ਿੰਦਗੀ ਦੇ ਹਰ ਵਰਤਾਰੇ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬ ਦਾ ਅਮੀਰ ਵਿਰਸਾ ਅਤੇ ਸ਼ਾਨਾਮੱਤਾ ਸਭਿਆਚਾਰ ਵੀ ਪੱਛਮੀ ਸਭਿਆਚਾਰ ਦੀ ਲਪੇਟ ਵਿਚ ਆ ਕੇ ਆਪਣੀ ਵਿਲੱਖਣਤਾ ਗੁਆ ਰਿਹਾ ਹੈ। ਕੌਮਾਂਤਰੀ ਪੱਧਰ 'ਤੇ ਹੋਏ ਸਰਵੇਖਣਾਂ ਵਿਚ ਪੰਜਾਬੀ ਭਾਸ਼ਾ ਵੀ ਉਨ੍ਹਾਂ ਵਿਚ ਸ਼ੁਮਾਰ ਹੈ, ਜਿਨ੍ਹਾਂ ਦੇ ਲੁਪਤ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਹਾਕਮ ਜਮਾਤ ਵਲੋਂ ਅੰਗਰੇਜ਼ੀ ਨੂੰ ਸਮੁੱਚੇ ਰਾਜ ਪ੍ਰਬੰਧ ਵਿਚ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ਕਾਰਨ ਪ੍ਰਾਂਤਕ ਭਾਸ਼ਾਵਾਂ ਦੀ ਹਰ ਖੇਤਰ ਵਿਚ ਬੇਕਦਰੀ ਹੋਈ ਹੈ। ਲੋਕ ਅੰਗਰੇਜ਼ੀ ਬੋਲਣ ਅਤੇ ਲਿਖਣ ਵਿਚ ਗੌਰਵ ਮਹਿਸੂਸ ਕਰਨ ਲੱਗ ਪਏ ਹਨ। ਜਦਕਿ ਪੰਜਾਬੀ ਘੱਟ ਪੜ੍ਹਿਆਂ ਦੀ ਭਾਸ਼ਾ ਬਣਦੀ ਜਾ ਰਹੀ ਹੈ। ਅੱਜ ਜਦੋਂ ਆਮ ਜਨਜੀਵਨ ਵਿਚ ਪੰਜਾਬੀ ਭਾਸ਼ਾ ਦੀ ਅਣਹੋਂਦ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਰਾਜ ਦੇ ਅਕਾਦਮਿਕ ਖੇਤਰ ਵਿਚ ਪੰਜਾਬੀ ਭਾਸ਼ਾ ਨੂੰ ਮੂਲੋਂ ਹੀ ਮਨਫ਼ੀ ਕਰਨ ਦੇ ਸੰਕੇਤ ਦਿਖਾਈ ਦੇਣ ਲੱਗੇ ਤਾਂ ਕੌਮਾਂਤਰੀ ਪੱਧਰ 'ਤੇ ਹੋਏ ਸਰਵੇਖਣਾਂ ਵਿਚ ਸੱਚਾਈ ਨਜ਼ਰ ਆਉਣ ਲੱਗੀ ਹੈ। ਪੰਜਾਬੀ ਭਾਸ਼ਾ ਦੇ ਨਿਘਾਰ ਦੇ ਇਸ ਸੰਕਟ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸੁਹਿਰਦ ਲੇਖਕ, ਬੁੱਧੀਜੀਵੀ ਤੇ ਚਿੰਤਕ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਵਜੋਂ ਪੂਰੀ ਤਰ੍ਹਾਂ ਮਾਨਤਾ ਦਿਵਾਉਣ ਅਤੇ ਆਮ ਜਨਜੀਵਨ ਵਿਚ ਇਸ ਦੀ ਵਰਤੋਂ ਲਈ ਜੱਦੋ ਜਹਿਦ ਕਰ ਰਹੇ ਹਨ। ਅੱਜ ਜਦੋਂ ਬਹੁਤ ਸਾਰੀਆਂ ਜਥੇਬੰਦੀਆਂ, ਸਭਾਵਾਂ ਅਤੇ ਸੁਸਾਇਟੀਆਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਸੰਘਰਸ਼ਸ਼ੀਲ ਹਨ, ਉੱਥੇ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਅਖਵਾਉਣ ਵਾਲੇ ਗਾਇਕਾਂ ਵਲੋਂ ਇਸ ਨੂੰ ਖੂੰਜੇ ਲਾਉਣ ਦੇ ਯਤਨ ਦੇਖ ਕੇ ਬੇਹੱਦ ਸ਼ਰਮ ਮਹਿਸੂਸ ਹੁੰਦੀ ਹੈ। ਸੰਗੀਤ ਮਾਰਕੀਟ ਵਿਚ ਜਦੋਂ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਹਰ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਨੂੰ ਠਿੱਬੀ ਲਾ ਕੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ ਵਿਚ ਲੱਗਾ ਹੋਇਆ ਜਾਪਦਾ ਹੈ। ਪੰਜਾਬੀ ਨੂੰ ਰਾਜ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਦਾਅਵੇ ਕਰਨ ਵਾਲੇ ਗਾਇਕ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਕੇ ਅੰਗਰੇਜ਼ੀ ਨੂੰ ਪ੍ਰਮੁੱਖਤਾ ਦੇ ਰਹੇ ਹਨ। ਆਪਣੀਆਂ ਮੁਲਾਕਾਤਾਂ ਵਿਚ ਆਪਣੀ ਬੋਲੀ ਅਤੇ ਆਪਣੀ ਮਿੱਟੀ ਨਾਲ ਜੁੜੇ ਹੋਣ ਦੇ ਦਮਗਜੇ ਮਾਰਨ ਵਾਲੇ ਇਨ੍ਹਾਂ ਗਾਇਕਾਂ ਦੀਆਂ ਕੈਸੇਟਾਂ ਦੇ ਰੈਪਰਾਂ ਤੇ ਪੋਸਟਰਾਂ 'ਤੇ ਪੰਜਾਬੀ ਦਾ ਇਕ ਅੱਖਰ ਵੀ ਭਾਲਿਆ ਨਹੀਂ ਥਿਆਉਂਦਾ। ਸਫ਼ਾ 02 ਦਾ ਬਾਕੀ
ਜਿਨ੍ਹਾਂ ਗਾਇਕਾਂ ਨੇ ਪੰਜਾਬੀ ਮਾਂ ਬੋਲੀ ਨੂੰ ਨਕਾਰ ਕੇ ਆਪਣੀਆਂ ਕੈਸੇਟਾਂ ਦੇ ਰੈਪਰਾਂ ਉੱਤੇ ਅੰਗਰੇਜ਼ੀ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਬਿਠਾਇਆ ਹੈ, ਉਹ ਕੋਈ ਆਮ ਗਾਇਕ ਨਹੀਂ ਹਨ ਬਲਕਿ ਪੰਜਾਬੀ ਦੇ ਸਥਾਪਤ ਗਾਇਕ ਹਨ। ਇਨ੍ਹਾਂ ਉੱਤੇ ਪੰਜਾਬੀ ਮਾਂ ਬੋਲੀ ਦੀ ਚੰਗੀ ਰਹਿਮਤ ਹੋਈ ਹੈ।
ਇਹਨਾਂ ਨੂੰ ਪੰਜਾਬੀ ਸਰੋਤਿਆਂ ਨੇ ਸਿਰ ਅੱਖਾਂ 'ਤੇ ਬਿਠਾਇਆ ਹੈ। ਕਿੰਨੀ ਹਾਸੋ ਹੀਣੀ ਗੱਲ ਹੈ ਕਿ ਇਹ ਗਾਇਕ ਲੱਖਾਂ ਪੰਜਾਬੀ ਸਰੋਤਿਆਂ ਨੂੰ ਵਿਸਾਰ ਕੇ ਕਿਹੜੇ ਅੰਗਰੇਜ਼ਾਂ ਨੂੰ ਖੁਸ਼ ਕਰਨ ਲੱਗੇ ਹਨ। ਗਾਇਕਾ ਮਿਸ ਪੂਜਾ ਨੂੰ ਪੰਜਾਬੀਆਂ ਨੇ ਮਣਾਂਮੂੰਹੀ ਪਿਆਰ ਦਿੱਤਾ। ਉਸਦੀ ਹੁਣੇ ਆਈ ਕੈਸੇਟ 'ਰੋਮਾਂਟਿਕ ਜੱਟ' 'ਤੇ ਪੰਜਾਬੀ ਦਾ ਇਕ ਸ਼ਬਦ ਵੀ ਨਹੀਂ ਲਿਖਿਆ ਹੋਇਆ। ਗਾਇਕ ਦਿਲਜੀਤ ਨੇ ਆਪਣੀ ਕੈਸੇਟ ਦਾ ਨਾਂ ਅੰਗਰੇਜ਼ੀ ਵਿਚ 'ਦਾ ਨੈਕਸਟ ਲੈਵਲ' ਤਾਂ ਲਿਖਿਆ, ਪਰ ਪੰਜਾਬੀ ਦਾ ਇਕ ਸ਼ਬਦ ਵੀ ਰੈਪਰ 'ਤੇ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਤਰ੍ਹਾਂ ਪ੍ਰੀਤ ਹਰਪਾਲ ਦੀ 'ਲਾਕਅੱਪ', ਸੁਰਿੰਦਰ ਸੰਘਾ ਦੀ 'ਬ੍ਰੇਵ ਹਾਰਟ',  ਜ਼ੈਜ਼ੀ ਬੀ ਦੀ 'ਰੈਂਬੋ', ਸਿੱਪੀ ਗਿੱਲ ਦੀ 'ਬੈਚਲਰ', ਸੁਖਸਿੰਦਰ ਸ਼ਿੰਦਾ-ਜੈਜ਼ੀ ਬੀ ਦੀ 'ਅਵਰ ਸਟਾਇਲ' ਉੱਤੇ ਵੀ ਪੰਜਾਬੀ ਦਾ ਇਕ ਸ਼ਬਦ ਵੀ ਨਹੀਂ ਲਿਖਿਆ ਮਿਲਦਾ।
ਇਹ ਅਜਿਹੇ ਗਾਇਕ ਹਨ ਖਾਂਦੇ ਪੰਜਾਬੀਆਂ ਦਾ ਤੇ ਗੁਣ ਗਾਉਂਦੇ ਅੰਗਰੇਜ਼ਾਂ ਦੇ। ਗਾਉਂਦੇ ਪੰਜਾਬੀ ਵਿਚ ਹਨ ਤੇ ਲਿਖਦੇ ਅੰਗਰੇਜ਼ੀ ਵਿਚ ਹਨ। ਇਹ ਗਾਇਕ ਰੈਪਰ ਅੰਗਰੇਜ਼ੀ ਵਿਚ ਲਿਖਾ ਕੇ ਕਿਹੜੇ ਅੰਗਰੇਜ਼ ਨੂੰ ਕੈਸੇਟ ਖਰੀਦਣ ਲਈ ਪ੍ਰੇਰ ਰਹੇ ਹਨ? ਕੀ ਇਹ ਦੱਸਣਗੇ ਕਿ ਉਨ੍ਹਾਂ ਦੇ ਕਿੰਨੇ ਕੁ ਪ੍ਰੋਗਰਾਮ ਅੰਗਰੇਜ਼ਾਂ ਵਲੋਂ ਬੁੱਕ ਕੀਤੇ ਜਾਂਦੇ ਹਨ? ਇਨ੍ਹਾਂ ਗਾਇਕਾਂ ਦਾ ਕਥਨ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਇਸ ਕਰਕੇ ਉਹ ਅੰਗਰੇਜ਼ੀ ਵਿਚ ਰੈਪਰ ਤਿਆਰ ਕਰਦੇ ਹਨ। ਚਲੋ ਇਨ੍ਹਾਂ ਦੀ ਇਹ ਗੱਲ ਵੀ ਮੰਨ ਲਈ ਜਾਵੇ ਤਾਂ ਕੀ ਮਾਂ ਬੋਲੀ ਦਾ ਇਕ ਵੀ ਅੱਖਰ ਰੈਪਰ 'ਤੇ ਨਾ ਲਿਖਾਉਣਾ ਭਲਾਂ ਕਿੱਥੋਂ ਵੀ ਸਿਆਣਪ ਹੈ। ਭਾਵੇਂ ਇਹ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸਭਿਆਚਾਰ ਦੀ ਸੇਵਾ ਕਰ ਰਹੇ ਹਾਂ, ਪਰ ਸੱਚਾਈ ਤਾਂ ਇਹ ਹੈ ਕਿ ਸਭਿਆਚਾਰ ਇਨ੍ਹਾਂ ਦੀ ਸੇਵਾ ਕਰ ਰਿਹਾ ਹੈ ਅਤੇ ਇਹ ਅੰਗਰੇਜ਼ੀ ਦੀ ਸੇਵਾ ਕਰ ਰਹੇ ਹਨ। ਉਹ ਵੀ ਬਿਨਾ ਕਿਸੇ ਫਲ ਦੀ ਉਮੀਦ ਤੋਂ। ਇਸ ਤੋਂ ਵੱਡੀ ਬੇਵਕੂਫੀ ਹੋਰ ਨਹੀਂ ਹੋ ਸਕਦੀ। ਇਹ ਭੇਡ ਚਾਲ ਹੀ ਤਾਂ ਹੈ ਕਿ ਮੱਲੋ ਮੱਲੀ ਸਾਰੇ ਹੀ ਆਪਣੀਆਂ ਕੈਸੇਟਾਂ ਦੇ ਨਾਂ ਅੰਗਰੇਜ਼ੀ ਵਿਚ ਰੱਖਣ ਲੱਗ ਪਏ। ਅੰਮ੍ਰਿਤ ਬਰਾੜ-ਮਿਸ ਪੂਜਾ ਦੀ 'ਹੈਪੀ ਮੂਡ', ਮਨਪ੍ਰੀਤ ਰੰਧਾਵਾ ਦੀ 'ਡੀਸੈਂਟ ਬੁਆਏ', ਦਰਸ਼ਨ ਖੇਲਾ ਦੀ 'ਪ੍ਰਪੋਜ', ਮਿੱਕੀ ਸਿੰਘ ਦੀ 'ਗਰੂਵ ਅਟੈਕ', ਅਮਨ ਰਿਆੜ ਦੀ 'ਡੌਂਟ ਮਾਈਂਡ', ਦੀਪ ਢਿੱਲੋਂ-ਜਸਮੀਨ ਜੱਸੀ ਦੀ 'ਬੈਸਟ ਫਰੈਂਡ' ਸੁਰਜੀਤ ਖਾਨ ਦੀ 'ਹੈਡਲਾਈਨਜ਼' ਅਤੇ ਬੱਬੂ ਮਾਨ ਦੀ 'ਸਿੰਘ ਬੈਟਰ ਦੈਨ ਕਿੰਗ' ਆਦਿ ਵਰਨਣਯੋਗ ਹਨ। ਉਪਰੋਂ ਕੈਸੇਟਾਂ ਵਿਚ ਰੈਪ ਦੀ ਵਰਤੋਂ ਕਰਕੇ ਇਨ੍ਹਾਂ ਨੇ ਆਪਣੀ ਵਿਦਵਤਾ ਦਾ ਸਰੋਤਿਆਂ ਉੱਤੇ ਪ੍ਰਭਾਵ ਪਾਉਣਾ ਚਾਹਿਆ ਹੈ। ਗਾਇਕ ਭਾਵੇਂ ਮੈਟ੍ਰਿਕ ਤੋਂ ਅੱਗੇ ਨਾ ਟੱਪਿਆ ਹੋਵੇ ਪਰ ਫਿਰ ਵੀ ਉਹ ਆਪਣੀ ਕੈਸੇਟ ਦਾ ਨਾਂ ਅੰਗਰੇਜ਼ੀ ਵਿਚ ਲਿਖਣਾ ਚਾਹੁੰਦਾ ਹੈ। ਇਨ੍ਹਾਂ ਨੇ ਆਪਣੀਆਂ ਇਹ ਕੈਸੇਟਾਂ ਮੱਧ  ਵਰਗੀ ਅਤੇ ਉੱਚ ਤਬਕੇ ਲਈ ਪੇਸ਼ ਕੀਤੀਆਂ ਹਨ ਜੋ ਅੰਗਰੇਜ਼ੀ ਨੂੰ ਬੋਲਣ ਤੇ ਲਿਖਣ ਨੂੰ  ਤਰਜੀਹ ਦਿੰਦੇ ਹਨ। ਪਰ ਇਹ ਅਜਿਹਾ ਹੈ ਜਿਵੇਂ ਦੁਕਾਨ ਦਾ ਨਾਂ ਅੰਗਰੇਜ਼ੀ ਵਿਚ ਹੋਵੇ, ਮਾਲਕ ਤੇ ਗਾਹਕ ਦੋਵੇਂ ਪੰਜਾਬੀ ਹੋਣ। ਜਦੋਂ ਮਾਲ, ਮਾਲਕ ਤੇ ਗਾਹਕ ਸਭ ਪੰਜਾਬੀ ਹਨ ਤਾਂ ਅੰਗਰੇਜ਼ੀ ਦੀ ਚਾਪਲੂਸੀ ਕਿਉਂ? ਪੰਜਾਬੀ ਮਾਤ ਭਾਸ਼ਾ ਦਾ ਉਸਦੇ ਸਪੂਤਾਂ ਵਲੋਂ ਕੀਤਾ ਜਾਂਦਾ ਅਪਮਾਨ ਤੇ ਵਿਤਕਰਾ ਕਿਸ ਗੱਲ ਦੀ ਗਵਾਹੀ ਭਰਦਾ ਹੈ?
ਗੌਰ ਕਰਨ ਵਾਲੀ ਗੱਲ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਤਾਂ ਹੈ, ਪਰ ਕੌਮੀ ਭਾਸ਼ਾ ਨਹੀਂ। ਨਾ ਹੀ ਇਹ ਸਾਡੀ ਮਾਤ ਭਾਸ਼ਾ ਹੈ। ਇਸ ਸਭਿਆਚਾਰਕ ਸਾਮਰਾਜਵਾਦ ਦੇ ਗਲਬੇ ਹੇਠੋਂ ਬਚ ਕੇ ਨਿਕਲਣਾ ਅਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਿਚ ਹੀ ਦਿਆਨਤਦਾਰੀ ਹੈ। ਗੀਤ ਸੰਗੀਤ ਲੋਕ ਮਨਾਂ ਉੱਤੇ ਸਹਿਜ ਹੀ ਪ੍ਰਭਾਵ ਸਿਰਜਦਾ ਹੈ। ਜਿਥੋਂ ਅਸੀਂ ਸਮਾਜ ਨੂੰ ਸਾਰਥਿਕ ਸੁਨੇਹੇ ਦੇ ਸਕਦੇ ਹਾਂ। ਗੀਤ ਸੰਗੀਤ ਨਾਲ ਸਬੰਧਤ ਸਾਜੋ ਸਮਾਨ ਵੀ ਸਰੋਤਿਆਂ ਲਈ ਅਹਿਮੀਅਤ ਰੱਖਦਾ ਹੈ। ਇਸ ਕਰਕੇ ਅੱਜ ਜਦੇੋਂ ਹਰ ਪਾਸੇ ਪੰਜਾਬੀ ਭਾਸ਼ਾ ਪੱਖੀ ਲਹਿਰ ਚੱਲ ਰਹੀ ਹੈ ਤਾਂ ਪੰਜਾਬੀ ਗਾਇਕਾਂ ਨੂੰ ਵੀ ਗੀਤਾਂ ਵਿਚਲੀ ਸ਼ਬਦਾਵਲੀ ਤੋਂ ਲੈ ਕੇ ਕੈਸੇਟ ਦੇ ਰੈਪਰਾਂ ਤੱਕ ਪੰਜਾਬੀ ਨੂੰ ਪ੍ਰਮੁੱਖਤਾ ਦੇ ਕੇ ਪੰਜਾਬੀ ਸਭਿਆਚਾਰ ਦੇ ਸੱਚੇ ਸਪੂਤ ਬਣਨਾ ਚਾਹੀਦਾ ਹੈ। 

ਬਿਨਾਂ ਗੱਲੋਂ ਜੱਟਵਾਦ ਨੂੰ ਉਭਾਰ ਰਹੇ ਨੇ ਕਮਅਕਲੇ ਗਾਇਕ
ਸਵਰਨ ਟਹਿਣਾ
ਜਨਾਬ ਜੀ, ਪੰਜਾਬੀ ਗਾਇਕਾਂ ਨੇ ਜੱਟਾਂ ਬਾਰੇ ਅਰਥਹੀਣ ਗੀਤ ਗਾ-ਗਾ ਕੇ ਜਿਹੜੀ ਅੱਤ ਚੁੱਕੀ ਹੈ, ਉਸ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ। ਕੋਈ ਗਾਇਕ ਵੀ ਅਜਿਹਾ ਨਹੀਂ ਹੋਵੇਗਾ, ਜਿਸ ਨੇ ਆਪਣੇ ਗੀਤਾਂ ਜ਼ਰੀਏ ਜੱਟ ਦੇ ਵੱਟ ਨਾ ਕੱਢੇ ਹੋਣ। ਮਸਾਂ ਦੋ ਕੁ ਫੀਸਦੀ ਅਜਿਹੇ ਹੋਣਗੇ, ਜਿਨ੍ਹਾਂ ਨੇ ਇਹ ਦੱਸਿਆ ਹੋਵੇਗਾ ਕਿ ਇਹ ਕੋਈ ਮੂਰਖ ਕੰਮ ਨਹੀਂ, ਸਗੋਂ ਦਿਨ-ਰਾਤ ਇਕ ਕਰਕੇ ਮੁਲਕ ਦਾ ਢਿੱਡ ਭਰਨ ਦਾ ਹੀਲਾ ਕਰਨ ਵਾਲੀ ਕੌਮ ਹੈ।
ਹੁਣ ਜਦੋਂ ਬੱਚੇ-ਬੱਚੇ ਨੂੰ ਗਿਆਨ ਹੋ ਚੁੱਕਾ ਹੈ ਕਿ ਸਾਡੇ ਦੇਸ਼ ਦਾ ਅੰਨਦਾਤਾ ਭੁੱਖਾ ਮਰ ਰਿਹਾ ਹੈ, ਉਹ ਸ਼ਾਹੂਕਾਰਾਂ ਦਾ ਗੁਲਾਮ ਬਣ ਚੁੱਕੈ, ਜਵਾਨ ਹੋ ਚੁੱਕੇ ਧੀਆਂ-ਪੁੱਤਾਂ ਦੀ ਪੜ੍ਹਾਈ-ਲਿਖਾਈ ਤੇ ਵਿਆਹ ਦਾ ਫਿਕਰ ਉਸ ਨੂੰ ਵੱਢ ਵੱਢ ਖਾ ਰਿਹੈ, ਬੈਂਕਾਂ ਵਾਲੇ ਉਸ ਦੀਆਂ ਜ਼ਮੀਨਾਂ ਕੁਰਕ ਕਰਨ ਨੂੰ ਫਿਰਦੇ ਨੇ, ਚਿੰਤਾਵਾਂ ਤੋਂ ਮੁਕਤੀ ਪਾਉਣ ਲਈ ਉਹ ਗਲ 'ਚ ਰੱਸੇ ਪਾ ਕੇ ਦਰੱਖਤਾਂ ਨਾਲ ਲਟਕ ਰਿਹੈ ਤਾਂ ਸਾਡੇ ਗਾਉਣ ਵਾਲੇ ਪਤਾ ਨਹੀਂ ਕਿਹੜੇ ਚਾਅ 'ਚ ਮੂਰਖਾਂ ਵਾਲੀਆਂ ਗੱਲਾਂ ਕਰੀ ਜਾ ਰਹੇ ਨੇ। ਗਾਇਕਾਂ ਦੀ ਪਹਿਲੀ ਗਲਤੀ ਤਾਂ ਇਹ ਹੈ ਕਿ ਇਹ ਅੰਨਦਾਤੇ ਨੂੰ ਸਿਰਫ ਜੱਟਵਾਦ ਨਾਲ ਜੋੜ ਕੇ ਦੇਖਦੇ ਨੇ ਤੇ ਦੂਜੀ ਨਾ ਮੁਆਫੀਯੋਗ ਗਲਤੀ ਇਹ ਹੈ ਕਿ ਇਨ੍ਹਾਂ ਦੀਆਂ ਨਜ਼ਰਾਂ ਵਿਚ 'ਜੱਟ' ਸਿਰਫ ਉਜੱਡ ਹਨ, ਜਿਨ੍ਹਾਂ ਕੋਲ ਅਕਲ ਨਾਂ ਦੀ ਕੋਈ ਚੀਜ਼ ਨਹੀਂ।
ਸਾਡੇ ਗਾਇਕਾਂ ਨੇ ਜੱਟਾਂ ਦਾ ਅਕਸ 'ਆਲੂ' ਵਰਗਾ ਬਣਾ ਛੱਡਿਆ ਹੈ। ਜਿਵੇਂ ਹਰ ਸਬਜ਼ੀ ਵਿਚ ਆਲੂ ਦੀ ਪ੍ਰਧਾਨਗੀ ਚੱਲਦੀ ਹੈ, ਉਵੇਂ ਇਨ੍ਹਾਂ ਦੀਆਂ ਨਜ਼ਰਾਂ ਵਿਚ ਹਰ ਚੰਗੇ-ਮਾੜੇ ਕੰਮ ਦਾ ਸੂਤਰਧਾਰ ਸਿਰਫ ਜੱਟ ਹੈ। ਗਾਇਕਾਂ ਨੇ ਜੱਟਾਂ ਦੀਆਂ ਦਰਜਨਾਂ ਕਿਸਮਾਂ ਬਣਾ ਛੱਡੀਆਂ ਨੇ। ਇਨ੍ਹਾਂ ਦੇ ਗੀਤਾਂ ਮੁਤਾਬਕ ਜੇ ਕਿਸੇ ਦੀ ਕੁੜੀ ਘਰੋਂ ਭੱਜ ਗਈ ਤਾਂ ਲਾਜ਼ਮੀ ਹੀ ਉਹ ਜੱਟਾਂ ਦੇ ਮੁੰਡੇ ਨਾਲ ਭੱਜੀ ਹੋਵੇਗੀ, ਜੇ ਕਿਸੇ ਨੇ ਕੁੜੀ ਦੇ ਮਾਪਿਆਂ ਨੂੰ ਲਲਕਾਰਿਆ ਹੋਵੇਗਾ ਤਾਂ ਉਹ ਵੀ ਜੱਟ ਹੀ ਹੋਵੇਗਾ, ਜੇ ਕਿਸੇ ਨੇ ਕਿਸੇ ਦਾ ਸਿਰ ਪਾੜ ਸੁੱਟਿਆ ਹੋਵੇਗਾ ਤਾਂ ਇਹ 'ਬਹਾਦਰੀ' ਵਾਲਾ ਕੰਮ ਵੀ ਕਿਸੇ ਜੱਟ ਨੇ ਹੀ ਕੀਤਾ ਹੋਵੇਗਾ, ਜੇ ਪਾਣੀ ਦੀ ਵਾਰੀ ਪਿੱਛੇ ਗੋਲੀਆਂ ਦੀ ਵਾਛੜ ਹੋਈ ਹੋਵੇਗੀ, ਤਾਂ ਇਸ ਮੌਕੇ ਸਭ ਤੋਂ ਵੱਧ ਫਾਇਰ ਕਰਨ ਵਾਲਾ ਵੀ ਜੱਟ ਹੀ ਹੋਵੇਗਾ, ਜੇ ਕਚਹਿਰੀਆਂ ਵਿਚ ਕੋਈ ਕੇਸ ਭੁਗਤਣ ਆਇਆ ਹੋਵੇਗਾ ਤਾਂ 'ਸ਼ੋਭਾ' ਵਾਲਾ ਇਹ ਕੰਮ ਵੀ ਜੱਟ ਹੀ ਕਰ ਰਿਹਾ ਹੋਵੇਗਾ ਤੇ ਜੇ ਬੂਹੇ ਅੱਗੇ ਖੰਘੂਰਾ ਮਾਰਨ ਵਾਲੇ ਦੀ ਸੰਘੀ ਘੁੱਟੀ ਹੋਵੇਗੀ ਤਾਂ ਇਹ ਪਵਿੱਤਰ ਕੰਮ ਵੀ ਜੱਟ ਨੇ ਕੀਤਾ ਹੋਵੇਗਾ।
ਗਾਇਕਾਂ ਦੀਆਂ ਨਜ਼ਰਾਂ 'ਚ ਜੱਟ ਖੂਨੀ ਹੈ, ਉਜੱਡ ਹੈ, ਅਣਖ ਦੇ ਨਾਂ 'ਤੇ ਸਿਰੇ ਦਾ ਮੁਸ਼ਟੰਡਾਪਣ ਕਰਨ ਵਾਲਾ ਹੈ, ਇਹ ਲੁਟੇਰਾ ਵੀ ਹੈ, ਪੜ੍ਹਾਈ-ਲਿਖਾਈ ਤੋਂ ਕੋਰਾ ਹੈ, ਵਿਹਲਾ ਹੈ, ਅਕਲ ਦੀ ਗੱਲ ਕਰਨ ਨੂੰ ਗੁਨਾਹ ਸਮਝਦਾ ਹੈ, ਸਿਰ 'ਤੇ ਕਰਜ਼ੇ ਦੀ ਪੰਡ ਹੈ ਪਰ ਹੰਕਾਰ ਰੱਤੀ ਭਰ ਵੀ ਘੱਟ ਨਹੀਂ, ਸ਼ਰਾਬ ਪੀ ਕੇ ਇਹ ਜੀਹਦੇ ਮਰਜ਼ੀ ਗਲ 'ਚ 'ਗੂਠਾ ਦੇ ਸਕਦਾ ਹੈ, ਕਚਹਿਰੀ ਦੇ ਗੇੜੇ ਮਾਰਨ ਨੂੰ ਇਹ ਆਪਣੀ ਸ਼ਾਨ ਸਮਝਦਾ ਹੈ ਜੇ ਜੇਲ੍ਹ ਨੂੰ ਇਹ ਮਾਂ ਦੀ ਬੁੱਕਲ ਦੇ ਨਿੱਘ ਵਰਗੀ ਸਮਝਦਾ ਹੈ, ਜਦੋਂ ਇਸ ਮਸਤੀ 'ਚ ਆਇਆ ਹੁੰਦੈ ਤਾਂ ਜਿਹੜੀ ਕੁੜੀ ਸੋਹਣੀ ਲੱਗਦੀ ਐ, ਉਹਨੂੰ ਚੁੱਕ ਕੇ ਲੈ ਜਾਂਦੈ, ਇਹ ਕਿਸੇ ਤੋਂ ਨਹੀਂ ਡਰਦਾ ਕਿਉਂਕਿ ਇਹ 'ਗੈਰਤਮੰਦ' ਹੈ।
ਪਾਠਕ ਖੁਦ ਦੱਸਣ ਕਿ ਕੀ ਤੁਹਾਨੂੰ ਅੱਜ ਤੱਕ ਪੰਜਾਬ ਦੇ ਕਿਸੇ ਕੋਨੇ ਵਿਚ ਉਪਰੋਕਤ ਹਰਕਤਾਂ ਵਾਲਾ ਜੱਟ ਮਿਲਿਐ? ਕੀ ਤੁਹਾਨੂੰ ਸਪਨੇ ਵਿਚ ਵੀ ਇਹੋ ਜਿਹਾ ਜੱਟ ਦਿਸਿਐ? ਕੀ ਗਾਇਕਾਂ ਵੱਲੋਂ ਦਿੱਤੀਆਂ ਤਸ਼ਬੀਹਾਂ ਵਾਲਾ ਖਲਨਾਇਕ ਜੱਟ ਕਦੇ ਤੁਹਾਡੀ ਨਿਗ੍ਹਾ ਚੜ੍ਹਿਐ?
ਉਮੀਦ ਹੈ ਤੁਹਾਡਾ ਜਵਾਬ ਨਾਂਹ ਵਿਚ ਹੀ ਹੋਵੇਗਾ, ਕਿਉਂਕਿ ਸਾਨੂੰ ਵੀ ਅੱਜ ਤੱਕ ਇਹੋ ਜਿਹਾ ਜੱਟ ਨਹੀਂ ਲੱਭਾ। ਇਸ ਕਿਰਦਾਰ ਵਾਲੇ ਜੱਟ ਸਿਰਫ ਪੰਜਾਬ ਦੇ ਗਾਉਣ ਵਾਲਿਆਂ ਦੇ ਸਕੇ-ਸਬੰਧੀਆਂ ਵਿਚ ਹੀ ਹੋ ਸਕਦੇ ਹਨ, ਸਧਾਰਨ ਲੋਕਾਂ ਵਿਚ ਨਹੀਂ।
ਪਹਿਲੀ ਗੱਲ ਤਾਂ 'ਜੱਟ' ਸ਼ਬਦ ਵਰਤ ਕੇ ਗਾਇਕਾਂ ਵਲੋਂ ਜਾਤੀਵਾਦ/ਬਰਾਦਰੀਵਾਦ ਭਾਰੂ ਕੀਤਾ ਜਾ ਰਿਹੈ ਤੇ ਦੂਜੀ ਗੱਲ ਇਹ ਕਿ ਇਨ੍ਹਾਂ ਵਲੋਂ ਉਹਨਾਂ ਦੇ ਅਕਸ ਨੂੰ ਏਨੇ ਮਾੜੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹੈ ਕਿ ਗਾਇਕਾਂ ਦੀ ਕਮਅਕਲੀ 'ਤੇ ਹਾਸਾ ਆਉਣ ਤੋਂ ਸਿਵਾ ਹੋਰ ਕੁਝ ਨਹੀਂ ਰਹਿੰਦਾ। ਜੇ ਆਉਂਦੀਆਂ ਪੀੜ੍ਹੀਆਂ ਨੇ ਲੰਘੇ ਵੇਲੇ ਦੇ ਜੱਟ ਤਬਕੇ ਬਾਰੇ ਜਾਨਣਾ ਹੋਇਆ ਤਾਂ ਅੱਜ ਕੱਲ੍ਹ ਦੇ ਗੀਤ ਸੁਣ ਕੇ ਉਹ ਸਹਿਜੇ ਹੀ ਅੰਦਾਜ਼ਾ ਲਾਉਣਗੀਆਂ ਕਿ ਬੜੀ ਉਜੱਡ ਕੌਮ ਰਹੀ ਹੈ ਇਹ, ਇਨ੍ਹਾਂ ਦਾ ਦੁਨੀਆ 'ਤੇ ਹੋਣਾ, ਨਾ ਹੋਣਾ ਇਕ ਬਰਾਬਰ ਹੀ ਸੀ।
ਕਮਾਲ ਦੇਖੋ, ਪੰਜਾਬ ਦੇ ਗਾਇਕਾਂ ਨੇ ਜੱਟਾਂ ਦੀਆਂ ਦਰਜਨ ਤੋਂ ਵੱਧ ਕਿਸਮਾਂ ਬਣਾ ਛੱਡੀਆਂ ਨੇ। ਗਾਇਕਾਂ ਦਾ ਇਕ ਵਰਗ ਉਹ ਹੈ, ਜਿਹੜਾ ਜੱਟਾਂ ਨੂੰ ਖੂਨੀ ਬਘਿਆੜ ਦੱਸਦਾ ਹੈ, ਦੂਜਾ ਵਰਗ ਉਹ ਹੈ ਜਿਹੜਾ ਇਨ੍ਹਾਂ ਨੂੰ ਧੱਕੇ ਨਾਲ ਕੁੜੀਆਂ ਚੁੱਕਣ ਵਾਲੇ ਗੁੰਡਾ ਗਿਰੋਹ ਦੇ ਮੈਂਬਰ ਦੱਸਦੈ, ਤੀਜਾ ਵਰਗ ਉਹ ਹੈ ਜਿਹੜਾ ਇਨ੍ਹਾਂ ਨੂੰ ਸਿਰਫ ਤੇ ਸਿਰਫ ਅਦਾਲਤਾਂ ਦੇ ਗੇੜੇ ਮਾਰਨ ਵਾਲੇ ਵਿਹਲੜ ਗਰਦਾਨਦੈ, ਚੌਥਾ ਵਰਗ ਉਹ ਹੈ ਜਿਹੜਾ ਇਨ੍ਹਾਂ ਨੂੰ ਦਾਰੂ ਪੀਣੇ ਤੇ ਮੁਰਗੇ ਖਾਣੇ ਆਖ ਕੇ ਵਡਿਆਈ ਮਹਿਸੂਸ ਕਰਦੈ, ਪੰਜਵਾਂ ਵਰਗ ਇਨ੍ਹਾਂ ਨੂੰ ਨਖਰੇ 'ਚ ਨਹੁੰ ਨਾ ਖੁੱਭਣ ਦੇਣ ਵਾਲੇ ਕਹਿੰਦੈ ਤੇ ਅਖੀਰਲਾ ਵਰਗਾ ਕਦੇ-ਕਦੇ ਸਾਹਮਣੇ ਆਉਂਦੈ, ਜਿਹੜਾ ਇਹ ਕਹਿੰਦੈ ਕਿ ਜੱਟਾਂ ਦਾ ਵਾਲ ਵਾਲ ਕਰਜ਼ੇ 'ਚ ਵਿੰਨਿਆ ਪਿਐ, ਇਨ੍ਹਾਂ ਬਾਰੇ ਨਜਾਇਜ਼ ਅਫਵਾਹਾਂ ਉਡਾਉਣ ਦੀ ਥਾਂ ਇਨ੍ਹਾਂ ਦੀ ਅਸਲ ਹਕੀਕਤ ਬਿਆਨ ਕਰਨੀ ਜ਼ਰੂਰੀ ਹੈ।
ਬਹੁਤਾ ਪਿੱਛੇ ਨਾ ਵੀ ਜਾਈਏ ਤੇ ਇਨ੍ਹੀਂ ਦਿਨੀਂ ਟੀ.ਵੀ. ਚੈਨਲਾਂ 'ਤੇ ਜੱਟਾਂ ਬਾਰੇ ਚੱਲ ਰਹੇ ਗੀਤਾਂ ਦੀ ਗੱਲ ਕਰੀਏ ਤਾਂ ਵੀ ਹੈਰਾਨੀਜਨਕ ਤੱਕ ਸਾਹਮਣੇ ਆਉਂਦੇ ਨੇ। ਇਕ ਗਾਇਕ ਦੀ ਨਜ਼ਰ ਵਿਚ ਜੱਟ ਬੰਦਾ ਵੱਢਣ ਵੱਲਾ ਜੱਲਾਦ ਹੈ, ਦੂਜੇ ਦੀ ਨਜ਼ਰ ਵਿਚ ਇਨ੍ਹਾਂ ਦੀ ਧੌਣ ਵੱਢੀ ਜਾ ਸਕਦੀ ਹੈ, ਪਰ ਸਿਰ ਨੀਵਾਂ ਕਰਨਾ ਮੁਸ਼ਕਲ ਹੈ, ਤੀਜੇ ਦੀ ਨਿਗ੍ਹਾ ਵਿਚ ਇਹ ਏਨੀ ਅਣਖੀ ਕੌਮ ਹੈ ਕਿ ਪਾਣੀ ਦੇ ਇਕ ਮਿੰਟ ਦੀ ਵਾਰੀ ਪਿੱਛੇ ਉਮਰ ਕੈਦ ਦੀ ਸਜ਼ਾ ਭੋਗ ਲੈਂਦੀ ਹੈ ਤੇ ਚੌਥਾ ਵਿਚਾਰਾ ਇਹ ਕਹਿ ਰਿਹੈ ਕਿ ਜੇ ਸਰਕਾਰਾਂ ਤੋਂ ਆੜ੍ਹਤੀਏ ਜੱਟਾਂ ਪ੍ਰਤੀ ਆਪਣਾ ਰਵੱਈਆ ਨਰਮ ਕਰਨ ਤਾਂ ਜੱਟ ਦੀ ਮੰਦੀ ਹਾਲ, ਕੁਝ ਹਾਲਤ ਤੱਕ ਸੁਧਰ ਸਕਦੀ ਹੈ।
ਟੀ.ਵੀ. ਚੈਨਲਾਂ 'ਤੇ ਸੰਨੀ ਗਿੱਲ ਨਾਂ ਦੇ ਅਸਲੋਂ ਨਵੇਂ ਕਲਾਕਾਰ ਦੀ ਕੈਸਿਟ 'ਹਕੀਕਤ' ਦੇ ਗੀਤ ਪੇਸ਼ ਹੋ ਰਹੇ ਨੇ। ਗਾਇਕ ਦੇ ਚਿਹਰੇ ਦੀ ਭਾਵੇਂ ਸਰੋਤਾ ਵਰਗਾ ਵਿਚ ਚਾਲੂ ਜਿਹੇ ਗਾਇਕਾਂ ਜਿੰਨੀ ਪਛਾਣ ਨਹੀਂ ਹੈ, ਪਰ ਉਸ ਦੀ ਸੋਚ 'ਤੇ ਕੁਰਬਾਨ ਹੋਣ ਨੂੰ ਮਨ ਕਰਦੈ। ਖੁਸ਼ੀ ਦੀ ਗੱਲ ਇਹ ਹੈ ਕਿ 'ਹਕੀਕਤ' ਵਿਚ ਉਸ ਨੇ ਹਕੀਕਤ ਵਾਲੇ ਹੀ ਗੀਤ ਗਾਏ ਹਨ।
ਉਹਨੇ ਆਪਣੇ ਗੀਤਾਂ ਨੂੰ ਸਿਰਫ ਵਪਾਰਨ ਨਜ਼ਰੀਏ ਨਾਲ ਪੇਸ਼ ਕਰਨ ਦੀ ਥਾਂ ਸਮਾਜਿਕ ਨਜ਼ਰੀਏ ਨੂੰ ਭਾਰੂ ਰੱਖਿਆ ਹੈ। ਉਹ ਸਿਰਫ਼ ਰੋਟੀ ਲਈ ਨਹੀਂ ਗਾਉਂਦਾ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਗਾਉਂਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਜੱਟ ਕੌਮ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ, ਉਸ ਨੂੰ ਪਤਾ ਹੈ ਕਿ ਆੜ੍ਹਤੀਏ ਜੱਟਾਂ ਦੀ ਅਨਪੜ੍ਹਤਾ ਦਾ ਨਜਾਇਜ਼ ਫਾਇਦਾ ਲੈਂਦਿਆਂ ਉਨ੍ਹਾਂ ਤੋਂ ਵੱਧ ਪੈਸਿਆਂ 'ਤੇ ਅੰਗੂਠਾ ਲਵਾ ਲੈਂਦੇ ਨੇ। ਉਸ ਦੇ ਗੀਤ ਦਾ ਨਮੂਨਾ ਦੇਖੋ :
ਲੈਂਸਰਾਂ, ਸਫਾਰੀਆਂ 'ਚ ਜੱਟ ਫਿਰਦੇ,
ਫਸਲਾਂ ਦੇ ਜੇ ਪੂਰੇ ਮੁੱਲ ਮਿਲਦੇ।
ਡੇਅਰੀ ਫਾਰਮਾਂ 'ਚੋਂ ਬਸ ਬਚਦੀ ਏ ਰੂੜੀ,
ਖੇਤੀਆਂ ਦੇ ਵਿਚੋਂ ਮਸਾਂ ਬਚਦੀ ਏ ਤੂੜੀ।
ਦੇਖੋ ਕਿੰਨੇ ਹੋਏ ਪਏ ਨੇ ਬੁਰੇ ਹਾਲ ਜੱਟਾਂ ਦੇ,
ਬੇਇਨਸਾਫੀ ਇਹੇ ਨਾਲ ਜੱਟਾਂ ਦੇ।
ਗੀਤ ਆਪਣਾ ਸਫਰ ਤੈਅ ਕਰਦਾ ਜਾਂਦਾ ਹੈ ਤੇ ਸਾਡੇ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ, ਆੜ੍ਹਤੀਆਂ ਦੀਆਂ ਚਲਾਕੀਆਂ, ਕੁਦਰਤ ਦੀ ਮਾਰ, ਬਿਜਲੀ ਕੱਟਾਂ ਦੇ ਕਹਿਰ ਅਤੇ ਮੰਡੀਆਂ ਵਿਚ ਰੁਲਦੇ ਜੱਟਾਂ ਦੀ ਕਹਾਣੀ ਸੱਚੋ ਸੱਚ ਬਿਆਨ ਕਰਦਾ ਜਾਂਦਾ ਹੈ। ਹਰ ਸਤਰ ਵਿਚ 'ਹਕੀਕਤ' ਸਾਂਭੀ ਹੋਈ ਹੈ ਤੇ ਗੀਤ ਨਾਲ-ਨਾਲ ਕਈ ਸਵਾਲ ਵੀ ਖੜ੍ਹੇ ਕਰਦੇ ਜਾਂਦਾ ਹੈ ਕਿ ਪੰਜਾਬ ਦੇ ਉਹ ਗਾਇਕ ਕਿਉਂ ਬੇਵਕੂਫੀ ਭਰੀਆਂ ਗੱਲਾਂ ਕਰ ਰਹੇ ਨੇ, ਜਿਨ੍ਹਾਂ ਦੇ ਪੰਜਾਬ ਵਿਚ ਜੱਟਾਂ ਦਾ ਅਸਲ ਪੱਖ ਇਹੋ ਜਿਹਾ ਹੈ। ਗੀਤ ਦਾ ਅਗਲਾ ਅੰਤਰਾ ਦੇਖੋ:
ਸਾਡੀਆਂ ਜ਼ਮੀਨਾਂ ਇਹੇ ਇੱਥੇ ਹੀ ਰਹਿ ਜਾਣੀਆਂ,
ਜੱਟਾਂ ਨੇ ਨ੍ਹੀਂ ਛਾਤੀਆਂ 'ਤੇ ਧਰ ਕੇ ਲਿਜਾਣੀਆਂ।
ਮੰਤਰੀਓ ਤੁਸੀਂ ਸਾਨੂੰ ਫਿਰਦੇ ਓ ਭੁੱਲੇ,
ਪੈਸੇ ਫੜ ਕੇ ਵਿਆਜੂ ਸਾਡੇ ਚੱਲਦੇ ਨੇ ਚੁੱਲ੍ਹੇ,
ਪੁੱਛੋ ਆੜ੍ਹਤੀਆਂ ਕੋਲੋਂ ਕੀ ਹਿਸਾਬ ਜੱਟਾਂ ਦੇ,
ਬੇਇਨਸਾਫੀ ਇਹੇ ਨਾਲ ਜੱਟਾਂ ਦੇ...।
ਹਾਲੇ ਇਸ ਗੀਤ ਨੂੰ ਟੀ.ਵੀ. 'ਤੇ ਆਇਆ ਕੁੱਝ ਮਿੰਟ ਹੀ ਹੋਏ ਹੁੰਦੇ ਨੇ ਕਿ ਬਰਨਾਲੇ ਵੱਲ ਦੇ ਗਾਇਕ ਬੰਸੀ ਬਰਨਾਲਾ ਦਾ ਇਹੋ ਜਿਹਾ ਗੀਤ ਚੱਲ ਪੈਂਦਾ ਹੈ, ਜਿਹੜਾ ਸੰਨੀ ਗਿੱਲ ਦੀਆਂ ਗੱਲਾਂ ਦੀ ਖਿੱਲੀ ਉਡਾਉਣ ਲੱਗਦਾ ਹੈ। ਬੰਸੀ ਦੀ ਨਜ਼ਰ ਜੱਟ ਕੋਈ ਗਰੀਬ ਕੌਮ ਨਹੀਂ, ਇਹ ਖੜਮਸਤੀਆਂ ਕਰਨ ਵਾਲੀ ਨਸਲ ਹੈ। ਇਹ ਕੌਮ ਬੰਦੇ ਦੀ ਧੌਣ ਇਉਂ ਵੱਢਦੀ ਹੈ, ਜਿਵੇਂ ਸਲਾਦ ਲਈ ਖੀਰਾ ਵੱਢਿਆ ਜਾਂਦੈ। ਇਹ ਕੌਮ ਜ਼ਮੀਨ ਪਿੱਛੇ ਇਸ ਕਦਰ ਲੜਦੀ ਹੈ ਕਿ ਮਰਨੋਂ ਮੂਲ ਨਹੀਂ ਡਰਦੀ। ਜੇ ਇਹ ਕੌਮ ਸਿਆਣਪ ਤੋਂ ਕੰਮ ਲੈਣ ਲੱਗ ਜਾਵੇ ਤਾਂ ਕਚਹਿਰੀਆਂ ਨੂੂੰ ਤਾਲੇ ਲੱਗ ਜਾਣ। ਬੰਸੀ ਦੇ ਗੀਤ ਦੇ ਬੋਲ ਦੇਖੋ :
ਚਿਰਾਂ ਤੋਂ ਪੁਰਾਣੀ ਕੋਈ ਜ਼ਮੀਨੀ ਲਾਗਡਾਟ ਸੀ,
ਵੈਰੀਆਂ ਦਾ ਕਾਲ ਬਣ ਗਈ ਉਹੋ ਰਾਤ ਸੀ।
ਟੀ.ਵੀ. ਚੈਨਲਾਂ ਦੇ ਉੱਤੇ ਚੱਲੇ ਚਰਚਾ,
ਨੀਂ ਕੀਤੇ ਹੋਏ ਕਾਰੇ ਦਾ।
ਬੰਦਾ ਵੱਢਾ ਕੇ ਥਾਣੇ ਦੇ ਵਿਚ ਆ ਗਿਆ,
ਨੀਂ ਜੱਟ ਬਰਨਾਲੇ ਦਾ।
ਹੁਣ ਤੁਸੀਂ ਸੋਚੋ ਕਿ ਟੁੰਬਣ ਵਾਲਾ ਗੀਤ ਸੰਨੀ ਦਾ ਹੈ ਜਾਂ ਬੰਸੀ ਦਾ। ਬੰਸੀ ਦੀ ਨਜ਼ਰ ਵਿਚ ਉਹਨਾਂ ਦੇ ਇਲਾਕੇ ਦੇ ਜੱਟ ਬੰਦਾ ਵੱਢ ਕੇ ਆਪੇ ਥਾਣੇ ਪਹੁੰਚ ਜਾਂਦੇ ਨੇ ਤਾਂ ਜੁ ਪੁਲਿਸ ਵਾਲਿਆਂ ਨੂੰ ਮਿਹਨਤ ਨਾ ਕਰਨੀ ਪਵੇ। ਉਸ ਦਾ ਇਸ ਗੱਲ ਦਾ ਕੋਈ ਤਾਅਲੁਕ ਨਹੀਂ ਕਿ ਜੱਟਾਂ ਦੀਆਂ ਜ਼ਮੀਨਾਂ ਕੁਰਕ ਹੋ ਰਹੀਆਂ ਨੇ, ਬੈਂਕਾਂ ਤੋਂ ਲਿਆ ਲੋਨ ਉਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਰਿਹਾ ਹੈ, ਕਿਸਾਨ ਦੇ ਪੁੱਤ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਨਸ਼ਿਆਂ ਦੇ ਲੜ ਲੱਗ ਰਹੇ ਨੇ। ਸਭ ਤੋਂ ਵੱਡੀ ਗੱਲ ਕਿ ਬਰਨਾਲੇ ਦਾ ਜੱਟ ਥਾਣੇ ਤਾਂ ਆਪੇ ਪਹੁੰਚ ਗਿਆ, ਪਰ ਉਸ 'ਤੇ 302 ਦਾ ਜਿਹੜਾ ਪਰਚਾ ਦਰਜ ਹੋਣਾ ਹੈ, ਉਸ ਦੀ ਸਾਰੀ ਉਮਰ ਜੇਲ੍ਹ ਵਿਚ ਲੰਘਣੀ ਹੈ, ਉਸ ਬਾਰੇ ਨਾ ਗਾਉਣ ਵਾਲੇ ਨੂੰ ਕੋਈ ਖਿਆਲ ਹੈ ਤੇ ਨਾ ਹੀ ਇਸ ਨੂੰ ਲਿਖਣ ਵਾਲੇ ਰੋਸ਼ਾ ਚੱਕੀ ਵਾਲਾ ਨਾਂਅ ਦੇ ਗੀਤਕਾਰਾਂ ਨੂੰ। ਜੱਟਾਂ ਨੂੰ ਗੁੰਡੇ, ਬਦਮਾਸ਼, ਲੁਟੇਰੇ, ਡਾਕੂ ਕਹਿਣ ਤੋਂ ਇਲਾਵਾ ਗਾਇਕਾਂ ਵਲੋਂ ਹੋਰ ਵੀ ਅਨੇਕਾਂ ਤਸ਼ਬੀਹਾਂ ਨਾਲ ਵਡਿਆਇਆ ਜਾਂਦਾ ਹੈ। ਇਕ ਹੋਰ ਛੋਟੀ ਜਿਹੀ ਧੌਣ ਵਾਲਾ ਗਾਇਕ ਜ਼ੋਰ ਲਾ-ਲਾ ਕੇ ਕਹਿੰਦਾ ਹੈ, 'ਸ਼ੇਰਾਂ ਵਰਗੇ ਜਿਗਰੇ ਰੱਬ ਨੇ ਦਿੱਤੇ ਜੱਟਾਂ ਨੂੰ...'। ਇਸ ਗੀਤ ਵਿਚ ਉਹ ਇਹ ਵੀ ਕਹਿੰਦਾ ਹੈ ਕਿ ਜੱਟਾਂ ਨੂੰ ਲਗਜ਼ਰੀ ਕਾਰਾਂ ਦਾ ਸ਼ੌਕ ਹੈ, ਇਹ ਬੰਦੂਕਧਾਰੀ ਹੁੰਦੇ ਨੇ, ਇਹ ਲਾਲਿਆਂ ਦੀਆਂ ਹੱਟਾਂ ਨੂੰ ਸੈਕਿੰਡਾਂ ਵਿਚ ਹੀ ਖਰੀਦ ਲੈਂਦੇ ਨੇ, ਸਰਕਾਰੇ ਦਰਬਾਰੇ ਇਨ੍ਹਾਂ ਦੀ ਤੂਤੀ ਬੋਲਦੀ ਰਹਿੰਦੀ ਹੈ ਤੇ ਹੋਰ ਵੀ ਇਹ ਬੜਾ ਕੁਝ ਕਰਦੇ ਨੇ, ਜਿਹੜਾ ਜਗ ਨੂੰ ਹੈਰਾਨ ਕਰ ਛੱਡਦੈ।
ਉਪਰੋਕਤ ਦਿੱਤੀਆਂ ਉਦਾਹਰਣਾਂ ਕੁਇੰਟਲਾਂ 'ਚੋਂ ਦੋ-ਤਿੰਨ ਗ੍ਰਾਮ ਸਮਾਨ ਹੀ ਨੇ। ਜੱਟਾਂ ਬਾਰੇ ਹੋਰ ਗੀਤ ਸੁਣੋਂਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇਹ ਕਿਹੜੇ ਮੁਲਕ ਦੇ ਗਾਇਕ ਹੋਏ, ਜਿਨ੍ਹਾਂ ਨੂੰ ਇਸ ਕੌਮ ਦੀ ਅਸਲ ਹਾਲਤ ਬਾਰੇ ਉੱਕਾ ਜਾਣਕਾਰੀ ਨਹੀਂ।
ਪਹਿਲੀ ਗੱਲ ਤਾਂ ਅਸੀਂ 'ਜੱਟਵਾਦ' ਫੈਲਾਉਣ ਵਾਲੇ ਗੀਤਾਂ ਦੇ ਹੀ ਖਿਲਾਫ ਹਾਂ। ਸਾਡੀ ਜਾਚੇ ਇਨਸਾਨ ਨੂੰ ਸਭਨਾਂ ਨੂੰ ਦੇਖਣਾ ਚਾਹੀਦਾ ਹੈ, ਮੁਹੱਬਤ ਦੇ ਪ੍ਰਸਾਰ ਦਾ ਹੀਲਾ ਕਰਨਾ ਚਾਹੀਦਾ ਹੈ, ਵਰਗ ਵੰਡ ਨੂੰ ਦਿਮਾਗ ਦੇ ਖਾਨਿਆਂ ਵਿਚੋਂ ਕੱਢ ਦੇਣਾ ਚਾਹੀਦਾ ਹੈ ਤੇ ਜੇ ਗਾਉਣ ਵਾਲੇ ਵਰਗ ਵੰਡ ਕਰੇ ਬਿਨਾ ਨਹੀਂ ਰਹਿ ਸਕਦੇ ਤਾਂ ਜਿਨ੍ਹਾਂ ਬਾਰੇ ਇਹ ਲੋਕ ਗਾਉਂਦੇ ਨੇ, ਉਹਨਾਂ ਦੀ ਅਸਲ ਹਾਲਤ ਨੂੰ ਬਿਆਨ ਕਰਨਾ ਚਾਹੀਦਾ ਹੈ।
ਚਾਂਭਲ-ਚਾਂਭਲ ਦੇ ਸੱਚ ਉੱਤੇ ਝੂਠ ਦੀ ਮੋਹਰ ਨਹੀਂ ਲਾਉਣੀ ਚਾਹੀਦੀ। ਕਿਸੇ ਦਾ ਅਕਸ ਤਾਲਿਬਾਨੀ ਗਰੁੱਪਾਂ ਵਾਲਾ ਨਹੀਂ ਬਣਾਉਣਾ ਚਾਹੀਦਾ। ਕਿਸੇ ਬਰਾਦਰੀ ਨੂੰ ਦਾਊਦ ਗਰੁੱਪ ਦਾ ਦਰਜਾ ਨਹੀਂ ਦੇਣਾ ਚਾਹੀਦਾ।
ਜਿਹੜੇ ਜੱਟ ਗਾਇਕ 'ਜੱਟਾਂ' ਬਾਰੇ ਕੂੜ ਕਬਾੜ ਗਾ ਰਹੇ ਨੇ, ਉਹ ਦੂਜਿਆਂ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਵੱਲ ਹੀ ਦੇਖ ਲੈਣ ਤੇ ਜਿਹੜੇ ਜੱਟ ਨਾ ਹੁੰਦਿਆਂ ਜੱਟਾਂ ਨੂੰ ਬੇਲੋੜੀ ਫੂਕ ਛਕਾ ਰਹੇ ਨੇ, ਉਹਨਾਂ ਨੂੰ ਇਹੋ ਜਿਹੇ ਬਕਵਾਸ ਭਰੇ ਗੀਤ ਗਾਉਣ ਤੋਂ ਕਿਨਾਰਾ ਕਰਨਾ ਚਾਹੀਦਾ ਹੈ। ਗਾਇਕ ਦਾ ਕੰਮ ਕਿਸੇ ਇਕ ਵਰਗ ਦੇ ਸੋਹਲੇ ਗਾਉਣਾ ਨਹੀਂ ਹੁੰਦਾ, ਕਿਉਂਕਿ ਗਾਇਕ ਸਭ ਵਰਗਾਂ ਦੇ ਸਾਂਝੇ ਹੁੰਦੇ ਨੇ। ਇਨ੍ਹਾਂ ਗੀਤਾਂ ਨੂੰ ਹਰ ਛੋਟੇ ਵੱਡੇ ਨੇ ਬਰਾਬਰ ਸੁਣਨਾ ਹੁੰਦਾ ਹੈ, ਸੋ ਇਨ੍ਹਾਂ ਨੂੰ ਆਪਣੇ ਦਿਮਾਗ ਦਾ ਖੇਤਰਫਲ ਵਧਾਉਣ ਦਾ ਹੀਲਾ ਕਰਨਾ ਚਾਹੀਦਾ ਹੈ, ਨਾ ਕਿ ਖੂਹ ਦੇ ਡੱਡੂ ਵਾਂਗ ਆਪਣੀ ਸੋਚ ਨੂੰ ਨਿੱਕੀਆਂ ਨਿੱਕੀਆਂ ਛਾਲਾਂ ਮਰਾਉਣੀਆਂ ਚਾਹੀਦੀਆਂ ਨੇ।





Digg!Reddit!Del.icio.us!Facebook!Slashdot!Netscape!Technorati!StumbleUpon!Newsvine!Furl!Yahoo!Ma.gnolia!Free social bookmarking plugins and extensions for Joomla! websites!
ਵਿਚਾਰ (1)Add Comment
WHAT ARE WE? :-))
ਵੱਲੋਂ Punjabi_not_killers, February 10, 2010
Those songs OH MY GOD.. Such songs ruin our image and prove that we are bunch of CRIMINALS AND KILLER; Listeners may think we all are dangerous who will definately take a REVENGE. I was at the Airport waiting; a Fizian cpl introduced to us and we told them we are Punjabis, then woman says to her husband "watch out they are Punjabis" during a joke.. so I was kind of saying " no we are nice ppl"

ਵਿਚਾਰ ਦੇਵੋ

security code
Write the displayed characters


busy
 
< Prev   Next >

Publisher and Editor-in-Chief: Rajinder Saini
Editor: Shameel

©2008 Parvasi All Rights Reserved. by Parvasi Programming and Design :: Mehra Media
The reproduction, modification, distribution, transmission or republication
of any materials Parvasi associated online propertiesis